ਸੰਦੀਪ ਅਬਰੋਲ
ਫਾਜ਼ਿਲਕਾ, 6 ਅਪੈਰਲ
ਨੈਨੋ ਰਿਕਸ਼ਾ 'ਤੇ ਬੈਠੇ ਜਾ ਰਹੇ ਵਿਧਾਇਕ ਸੁਰਜੀਤ ਕੁਮਾਰ ਜਿਆਣੀ
ਫਾਜ਼ਿਲਕਾ ਹੈਰੀਟੇਜ ਫੈਸਟੀਵਲ ਦੀ ਅਖੀਰਲੀ ਰਾਤ ਮੁੱਖ ਮਹਿਮਾਨ ਵਿਧਾਇਕ ਸੁਰਜੀਤ ਕੁਮਾਰ ਜਿਆਣੀ ਵੱਲੋਂ ਪੁਰਾਤਨ ਪੰਜਾਬ ਦੇ ਵਿਰਸੇ ਨੂੰ ਯਾਦ ਕਰਦਿਆਂ ਮੇਲੇ ਵਿਚ ਲੱਗੇ ਪੰਜਾਬੀ ਢਾਬੇ ‘ਤੇ ਮੰਜੇ ‘ਤੇ ਬੈਠ ਕੇ ਰੋਟੀ ਖਾਧੀ। ਇਸ ਮੌਕੇ ਗਰੈਜੂਏਟ ਐਸੋਸੀਏਸ਼ਨ ਨੇ ਰਿਕਸ਼ਾ ਯੂਨੀਅਨ ਨੂੰ ਲੋਕਾਂ ਲਈ ਆਰਾਮਦਾਇਕ ਰਿਕਸ਼ਾ ਭੇਟ ਕੀਤੀ। ਫਾਜ਼ਿਲਕਾ ਰਾਜ ਦਾ ਪਹਿਲਾ ਸ਼ਹਿਰ ਹੈ, ਜਿਥੇ ਇਸ ਤਰ੍ਹਾਂ ਦੀ ਰਿਕਸ਼ਾ ਲਾਂਚ ਕੀਤੀ ਗਈ ਹੈ ਜਿਸ ‘ਤੇ ਸਵਾਰ ਅਖ਼ਬਾਰ ਤੇ ਹੋਰ ਵੀ ਕਿਤਾਬਾਂ ਪੜ੍ਹ ਸਕਣਗੇ। ਧੁੱਪ ਤੇ ਮੀਂਹ ਤੋਂ ਬੱਚਣ ਲਈ ਛੱਤ ਵੀ ਹੋਵੇਗੀ। ਰਿਕਸ਼ਾ ਦਾ ਡਿਜਾਈਨ ਸਕੂਲ ਆਫ਼ ਪਲਾਨਿੰਗ ਐਂਡ ਆਕੀਟੈਕਚਰ ਦਿੱਲੀ ਦੀ ਸ਼ਾਖਾ ਇੰਡਰਸਟਰੀ ਡਿਜਾਇੰਨਗ ਵਿਚ ਐਮ ਟੈਕ ਦੀ ਡਿਗਰੀ ਕਰ ਰਹੀ ਵਿਦਿਆਰਥਣ ਕੀਰਤੀ ਦਿਕਸ਼ਿਤ ਵੱਲੋਂ ਤਿਆਰ ਕੀਤੀ ਗਈ ਹੈ ਜਿਸ ਨੇ 6 ਮਹੀਨੇ ਦੀ ਟਰੇਨਿੰਗ ਦੌਰਾਨ ਇਸ ਮਾਡਲ ਨੂੰ ਆਈ.ਆਈ.ਟੀ ਰੁੜਕੀ ਦੇ ਰਿਟਾਇਰ ਪ੍ਰੋਫੈਸਰ ਡਾ. ਭੁਪਿੰਦਰ ਸਿੰਘ ਤੇ ਇੰਜੀਨੀਅਰ ਨਵਦੀਪ ਅਸੀਜਾ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਇੰਜੀਨੀਅਰ ਨਵਦੀਪ ਅਸੀਜਾ ਨੇ ਕਿਹਾ ਕਿ ਭਲੇ ਹੀ ਫਾਜ਼ਿਲਕਾ ਨੈਨੋ ਰਿਕਸ਼ਾ ਨੂੰ ਤੇਜ਼ ਗਤੀ ਤੇ ਉੱਚੀਆਂ-ਨੀਵੀਆਂ ਸੜਕਾਂ ‘ਤੇ ਭਜਾਇਆ ਜਾਵੇ ਫਿਰ ਵੀ ਦੁਰਘਟਨਾ ਦਾ ਡਰ ਨਹੀਂ ਹੋਵੇਗਾ। ਰਿਕਸ਼ਾ ਦੇ ਪਿੱਛੇ ਰਿਫਲੈਕਟਰ ਲਗਾਏ ਗਏ ਹਨ। ਜਦ ਰਿਕਸ਼ਾ ਰੁਕੇਗੀ ਜਾਂ ਇਸ ਦੀ ਗਤੀ ਘੱਟ ਹੋਵੇਗੀ ਤਾਂ ਕਿ ਰਿਫਲੈਕਟਰਾਂ ਤੋਂ ਪਿੱਛੇ ਆ ਰਹੇ ਵਾਹਨ ਚਾਲਕ ਨੂੰ ਖੁਦ ਹੀ ਇਸ਼ਾਰਾ ਮਿਲ ਜਾਵੇਗਾ। ਨਵਦੀਪ ਅਸੀਜਾ ਦੇ ਮੁਤਾਬਕ ਫਾਜ਼ਿਲਕਾ ਦੇ ਰਿਕਸ਼ਾ ਚਾਲਕ ਗਰੀਬ ਹਨ ਤੇ ਉਹ ਜ਼ਿਆਦਾ ਮਹਿੰਗਾ ਰਿਕਸ਼ਾ ਖਰੀਦ ਨਹੀਂ ਸਕਦੇ, ਹੁਣ ਹਰ ਰਿਕਸ਼ਾ ਚਾਲਕ ਨੂੰ ਰਿਕਸ਼ਾ ਮਿਲੇਗੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਇਕ ਬੈਂਕ ਨਾਲ ਮਾਈਕ੍ਰੋ ਫਾਇਨਾਂਸ ਦੀ ਗੱਲ ਜਾਰੀ ਹੈ।
ਟਾਟਾ ਕੰਪਨੀ ਦੀ ਨੈਨੋ ਕਾਰ ਨਾਲ ਪ੍ਰਭਾਵਿਤ ਹੋ ਕੇ ਫਾਜ਼ਿਲਕਾ ਨੈਨੋ ਰਿਕਸ਼ਾ ਤਿਆਰ ਕੀਤੀ ਗਈ ਹੈ।
ਇਸ ਰਿਕਸ਼ਾ ਦਾ ਵਜ਼ਨ 55 ਕਿਲੋਗਰਾਮ ਹੈ। ਇੰਜੀਨੀਅਰ ਨਵਦੀਪ ਅਸੀਜਾ ਨੇ ਕਿਹਾ ਕਿ ਲਕੜੀ ਵਾਲੀ ਮੇਰਠ ਬਾਡੀ ਦੀ ਜਗ੍ਹਾ ਲੋਹੇ ਦੀ ਪਾਈਪਾਂ ਦਾ ਪ੍ਰਯੋਗ ਕੀਤਾ ਗਿਆ ਹੈ। ਲਕੜੀ ਦੀ ਜਗ੍ਹਾ ਪਾਈਪਾਂ ਲਗਾਈ ਗਈ ਹੈ ਤਾਂ ਕਿ ਇਸ ਦਾ ਵਜ਼ਨ ਹਲਕਾ ਰੱਖਿਆ ਜਾ ਸਕੇ ਤੇ ਠੀਕ ਢੰਗ ਨਾਲ ਇਸ ਦੀ ਸੰਭਾਲ ਕੀਤੀ ਜਾ ਸਕੇ। ਇਸ ਨਾਲ ਰਿਕਸ਼ਾ ਦੀ ਸਾਫ਼-ਸਫਾਈ ਵੀ ਠੀਕ ਢੰਗ ਨਾਲ ਕੀਤੀ ਜਾ ਸਕਦੀ ਹੈ। ਇੰਜੀਨੀਅਰ ਅਸੀਜਾ ਨੇ ਕਿਹਾ ਕਿ ਬਜ਼ੁਰਗਾਂ ਤੇ ਬਿਮਾਰ ਵਿਅਕਤੀਆਂ ਨੂੰ ਰਿਕਸ਼ਾ ‘ਤੇ ਚੜ੍ਹਨ ਦੀ ਆਸਾਨੀ ਹੋਵੇਗੀ। ਜ਼ਿਕਰਯੋਗ ਹੈ ਕਿ ਕੁਝ ਹਫਤੇ ਪਹਿਲਾਂ ਇਸ ਐਸੋਸੀਏਸ਼ਨ ਨੇ ਨੀਮ ਸ਼ਹਿਰੀ ਵਸਨੀਕਾਂ ਨੂੰ ਮੁਫਤ ਇੰਟਰਨੈੱਟ ਦੀ ਸਹੂਲਤ ਮੁਹੱਈਆ ਕਰਵਾਈ ਹੈ।